ਇਹ ਦਿਨ شاہ مکھی

ਬਾਬਾ ਬੂਝਾ ਸਿੰਘ ਦਾ 48ਵਾਂ ਸ਼ਹੀਦੀ ਦਿਹਾੜਾ

ਬਾਬਾ ਬੂਝਾ ਸਿੰਘ ਨੂੰ 27 ਜੁਲਾਈ 1970 ਨੂੰ 82 ਸਾਲ ਦੀ ਉਮਰ ਵਿਚ ਪੁਲੀਸ ਨੇ ਇਕ ਫਰਜ਼ੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਸੀ।

ਬਾਬਾ ਬੂਝਾ ਸਿੰਘ ਇਕ ਸਧਾਰਨ ਕਿਸਾਨ ਪਰਿਵਾਰ ਚੋਂ ਸੀ। ਬੱਬਰਾਂ ਅਤੇ ਗਦਰੀਆਂ ਦਾ ਉਨ੍ਹਾਂ ਦੇ ਪਿੰਡ ਆਉਣਾ ਜਾਣਾ ਸੀ। ਬਾਬਾ ਜੀ ਛੋਟੀ ਉਮਰ ਵਿਚ ਇਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਦੇ ਅਤੇ ਉਨ੍ਹਾਂ ਦੀ ਰੋਟੀ ਪਾਣੀ ਦਾ ਬੰਦੋਬਸਤ ਕਰਦੇ। ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਉਹ 1929 ਵਿਚ ਚੀਨ ਰਾਹੀਂ ਅਰਜਨਟਾਈਨਾ ਪਹੁੰਚੇ। ਅਰਜਨਟਾਈਨਾ ਵਿਚ ਉਨ੍ਹਾਂ ਦੀ ਮੁਲਾਕਾਤ ਗਦਰ ਪਾਰਟੀ ਦੇ ਕਾਰਕੁਨਾਂ ਅਤੇ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਨਾਲ ਹੋਈ ਅਤੇ ਉਹ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੇ ਜੂਲੇ ਤੋਂ ਛੁਡਾਉਣ ਲਈ ਸੰਘਰਸ਼ ਵਿਚ ਲਗ ਗਏ। ਗਦਰ ਪਾਰਟੀ ਦੇ ਫੈਸਲੇ ਮੁਤਾਬਿਕ ਉਹ ਅਰਜਨਟਾਈਨਾ ਤੋਂ ਪਹਿਲਾ ਜਥਾ ਭਗਤ ਸਿੰਘ ਬਿਲਗਾ ਨਾਲ ਲੈ ਕੇ ਮਾਸਕੋ ਯੂਨੀਵਰਸਿਟੀ ਵਿਚ ਇਨਕਲਾਬ ਦੀ ਸੇਧ ਅਤੇ ਅਮਲ ਬਾਰੇ ਸਿਖਿਆ ਲੈਣ ਚਲੇ ਗਏ। ਦੋ ਸਾਲ ਮਾਸਕੋ ਪੜਾਈ ਖ਼ਤਮ ਕਰਕੇ ਉਹ ਚੀਨ ਰਾਹੀਂ ਵਾਪਸ ਹਿੰਦੁਸਤਾਨ ਆ ਗਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਅੰਗਰੇਜ਼ਾਂ ਖ਼ਿਲਾਫ਼ ਜਥੇਬੰਦ ਕਰਨਾ ਸ਼ੁਰੂ ਕਰ ਦਿਤਾ। ਉਹ ਕਿਰਤੀ ਪਾਰਟੀ ਵਲੋਂ ਕੱਢੇ ਜਾਣ ਵਾਲੇ ਅਖ਼ਬਾਰ ਕਿਰਤੀ ਦੇ ਸੰਪਾਦਕ ਅਤੇ ਮੈਨੇਜਰ ਵੀ ਸਨ। ਜਦੋਂ ਕਿਰਤੀ ਅਖ਼ਬਾਰ ਨੂੰ ਸਰਕਾਰ ਨੇ ਜ਼ਬਤ ਕਰ ਲਿਆ ਤਾਂ ਉਨ੍ਹਾਂ ਨੇ ਮੇਰਠ ਤੋਂ ਕਿਰਤੀ ਲਹਿਰ ਕੱਢਣਾ ਸ਼ੁਰੂ ਕਰ ਦਿੱਤਾ।

 

ਬਾਬਾ ਜੀ ਨੂੰ ਅੰਗ੍ਰੇਜ਼ ਸਰਕਾਰ ਨੇ ਗ੍ਰਿਫ਼ਤਾਰ ਕਰਕੇ ਲਹੌਰ ਕਿਲੇ ਵਿਚ ਬਹੁਤ ਹੀ ਤਸੀਹੇ ਦਿੱਤੇ ਪਰ ਉਹ ਉਨ੍ਹਾਂ ਦੇ ਸਿਰੜ ਨੂੰ ਕਮਜ਼ੋਰ ਨਾ ਕਰ ਸਕੇ। ਉਨ੍ਹਾਂ ਨੇ ਇਨਕਲਾਬੀ ਤਾਕਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਬਸਤੀਵਾਦ ਵਿਰੋਧੀ ਲੋਕਾਂ ਨੂੰ ਇਕ ਮੁੱਠ ਕਰਨ ਦਾ ਕੰਮ ਜਾਰੀ ਰੱਖਿਆ ਅਤੇ ਉਹ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਅਤੇ ਕਿਰਤੀ ਪਾਰਟੀ ਦੀ ਕੇਂਦਰੀ ਕਮੇਟੀ ਦੇ ਆਗੂ ਚੁਣੇ ਗਏ। ਉਨ੍ਹਾਂ ਨੇ ਲਾਇਲਪੁਰ ਅਤੇ ਹੋਰਨਾਂ ਇਲਾਕਿਆਂ ਵਿਚ ਕਰਜ਼ਾ ਕਮੇਟੀਆਂ ਬਣਾ ਕੇ ਕਿਸਾਨਾਂ ਦੇ ਸੰਘਰਸ਼ ਨੂੰ ਅੱਗੇ ਵਧਾਇਆ।

ਕਿਰਤੀ ਪਾਰਟੀ ਨੂੰ ਸਰਕਾਰ ਵਲੋਂ ਗੈਰ-ਕਾਨੂੰਨੀ ਕਰਾਰ ਦੇਣ ਦੇ ਬਾਅਦ ਕਿਰਤੀ ਪਾਰਟੀ ਨੇ ਕਾਂਗਰਸ ਪਾਰਟੀ ਵਿਚ ਕੰਮ ਕਰਨ ਦਾ ਫੈਸਲਾ ਕਰ ਲਿਆ ਅਤੇ ਬਾਬਾ ਜੀ ਅਤੇ ਹੋਰ ਕਿਰਤੀ ਪਾਰਟੀ ਦੇ ਵਰਕਰਾਂ ਦੀ ਹਿੰਮਤ ਨਾਲ ਕਾਂਗਰਸ ਨੇ ਸੁਭਾਸ਼ ਚੰਦਰ ਬੋਸ ਨੂੰ ਪ੍ਰਧਾਨ ਬਣਾ ਲਿਆ। ਪਰ ਗਾਂਧੀ ਅਤੇ ਨਹਿਰੂ ਦੀ ਹਠਧਰਮੀ ਕਰਕੇ ਸੁਭਾਸ਼ ਚੰਦਰ ਬੋਸ ਨੂੰ ਅਸਤੀਫ਼ਾ ਦੇਣਾ ਪਿਆ। ਬਾਬਾ ਜੀ ਦੀ ਜ਼ਿੰਦਗੀ ਜੇਲ੍ਹ ਅਤੇ ਸੰਘਰਸ਼ ਦੀ ਜ਼ਿੰਦਗੀ ਬਣੀ ਰਹੀ। ਉਨ੍ਹਾਂ ਨੂੰ ਕਈ ਬਾਰ ਕੈਦ ਕੀਤਾ ਗਿਆ ਅਤੇ ਉਨ੍ਹਾਂ ਤੇ ਤਸ਼ੱਦਦ ਕੀਤਾ ਗਿਆ ਪਰ ਉਨ੍ਹਾਂ ਨੇ ਲੋਕਾਂ ਦੀ ਮੁਕਤੀ ਦੇ ਘੋਲ ਦਾ ਰਾਹ ਨਹੀਂ ਛੱਡਿਆ।

ਬਾਬਾ ਜੀ ਜੁਝਾਰੂ ਅਤੇ ਡੂੰਘੇ ਸੂਝਵਾਨ ਸੀ। ਉਹ ਗਦਰ ਪਾਰਟੀ ਦੀ ਸੂਝ ਮੁਤਾਬਿਕ ਹਿੰਦੁਸਤਾਨ ਵਿਚ ਪ੍ਰਜਾ ਰਾਜ ਲਿਆਉਣ ਲਈ ਲੜ ਰਹੇ ਸੀ। ਉਨ੍ਹਾਂ ਦੇ ਨਜ਼ਰੀਏ ਮੁਤਾਬਕ ਪ੍ਰਜਾ ਰਾਜ ਵਿਚ ਲੋਕ ਖ਼ੁਦ ਆਪਣੀ ਕਿਸਮਤ ਦੇ ਫੈਸਲੇ ਆਪ ਕਰਨਗੇ ਨਾ ਕਿ ਕੋਈ ਹੋਰ ਤਾਕਤ। ਇਸ ਲਈ ੧੯੪੭ ਦੀ ਰਸਮੀ ਆਜ਼ਾਦੀ ਬਾਅਦ ਉਨ੍ਹਾਂ ਨੇ ਪ੍ਰਜਾ ਰਾਜ ਲਈ ਘੋਲ ਜਾਰੀ ਰੱਖਿਆ। ਪੈਪਸੂ ਅਤੇ ਪੰਜਾਬ ਵਿਚ ਉਨ੍ਹਾਂ ਨੇ ਕਿਸਾਨਾਂ ਨੂੰ ਲਾਮਬੰਦ ਕੀਤਾ ਅਤੇ ਉਨ੍ਹਾਂ ਦੀ ਜੱਦੋ-ਜਹਿਦ ਦੀ ਅਗਵਾਈ ਕੀਤੀ।
1956 ਵਿਚ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਵਿਚ ਮਿਥੀ ਹੋਈ ਲਾਈਨ ਨੂੰ ਉਨ੍ਹਾਂ ਨੇ ਇਨਕਲਾਬ ਦੇ ਖ਼ਿਲਾਫ਼ ਅਤੇ ਦੁਨੀਆ ਦੇ ਲੋਕਾਂ ਦੇ ਖ਼ਿਲਾਫ਼ ਦੱਸਿਆ ਅਤੇ ਉਨ੍ਹਾਂ ਨੇ ਉਸ ਵੇਲੇ ਪੇਸ਼ੀਨਗੋਈ ਕਰ ਦਿੱਤੀ ਸੀ ਕਿ ਇਸ ਨੀਤੀ ਨਾਲ ਸੋਵੀਅਤ ਲੋਕਾਂ ਨੂੰ ਢਾਹ ਲੱਗੇਗੀ ਅਤੇ ਸੋਵੀਅਤ ਯੂਨੀਅਨ ਦੇ ਟੁਕੜੇ ਹੋਣ ਦੇ ਡਰ ਹਨ। ਬਾਬਾ ਜੀ ਦੀ ਭਵਿਖਬਾਣੀ ੩੩ ਸਾਲ ਬਾਅਦ ਸੱਚ ਸਾਬਤ ਹੋਈ ਅਤੇ ਸੋਵੀਅਤ ਯੂਨੀਅਨ ਟੋਟੇ ਟੋਟੇ ਹੋ ਗਿਆ।

ਬਾਬਾ ਜੀ ਦੀ ਇਨਕਲਾਬੀ ਸੂਝ ਅਤੇ ਅਮਲ ਕਰਕੇ ਸੀ ਪੀ ਆਈ ਨੇ ਉਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿਤਾ ਸੀ ਪਰ ਉਨ੍ਹਾਂ ਨੂੰ ਕਿਸਾਨਾਂ ਦੀ ਜਥੇਬੰਦੀਆਂ ਅਤੇ ਲੋਕਾਂ ਦੇ ਦਿਲਾਂ ਤੋਂ ਹਟਾ ਨਹੀਂ ਸਕੀ। ਉਨ੍ਹਾਂ ਦਾ ਕਹਿਣਾ ਸੀ ਕਿ ਨਹਿਰੂ ਅਤੇ ਇੰਦਰਾ ਗਾਂਧੀ ਦੀਆਂ ਸਰਕਾਰਾਂ ਲੋਕਾਂ ਦੀਆਂ ਦੁਸ਼ਮਣ ਹਨ। ਕਮਿਊਨਿਸਟਾਂ ਨੂੰ ਇਨ੍ਹਾਂ ਦੀ ਹਿਮਾਇਤ ਨਹੀਂ ਕਰਨੀ ਚਾਹੀਦੀ। ਸੀ ਪੀ ਆਈ ਦੇ ਆਗੂਆਂ ਦੀ ਦਲੀਲ ਸੀ ਕਿ ਨਹਿਰੂ ਅਤੇ ਇੰਦਰਾ ਲੋਕਾਂ ਦੇ ਭਲੇ ਦੇ ਕੰਮ ਕਰ ਰਹੇ ਹਨ। ਬਾਬਾ ਜੀ ਇਸ ਦਲੀਲ ਨਾਲ ਬਿਲਕੁਲ ਹੀ ਸਹਿਮਤ ਨਾ ਸੀ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਨਕਲਾਬ ਲਈ ਜਥੇਬੰਦ ਕਰਨ ਦਾ ਕੰਮ ਜਾਰੀ ਰੱਖਿਆ।

1964 ਵਿਚ ਸੀ ਪੀ ਆਈ(ਐਮ) ਬਣਨ ਦੇ ਸਮੇਂ ਬਾਬਾ ਜੀ ਇਸ ਦੀ ਜ਼ਿਲ੍ਹਾ ਕਮੇਟੀ ਦੇ ਮੈਂਬਰ ਸੀ ਅਤੇ ਇਸ ਦੇ ਅਖ਼ਬਾਰ ਲੋਕ ਜਮਹੂਰੀਅਤ ਦੇ ਸੰਪਾਦਕ ਅਤੇ ਪ੍ਰਬੰਧਕ ਸੀ। ਜਦੋਂ ਲੋਕ ਜਮਹੂਰੀਅਤ ਦੀ ਥਾਂ ਤੇ ਲੋਕ ਲਹਿਰ ਕਢਿਆ ਜਾਣ ਲਗਾ ਤਾਂ ਬਾਬਾ ਹੀ ਇਸ ਦੇ ਸੰਪਾਦਕੀ ਮੰਡਲ ਵਿਚ ਸ਼ਾਮਲ ਸਨ। ਉਨ੍ਹਾਂ ਨੇ 1967 ਵਿਚ ਸੀ ਪੀ ਆਈ(ਐਮ) ਦੇ ਸਾਰੇ ਅਹੁਦਿਆਂ ਅਤੇ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਅਤੇ ਨਕਸਲਬਾੜੀ ਲਹਿਰ ਨਾਲ ਜੁੜ ਗਏ।

1967 ਵਿਚ ਨਕਸਲਬਾੜੀ ਦੇ ਹਥਿਆਰਬੰਦ ਘੋਲ ਦੀ ਬਾਬਾ ਜੀ ਅਤੇ ਹੋਰ ਕਈ ਪੁਰਾਣੇ ਗਦਰੀਆਂ ਅਤੇ ਇਨਕਲਾਬੀਆਂ ਨੇ ਪੁਰਜ਼ੋਰ ਹਿਮਾਇਤ ਕੀਤੀ। ਕਮਿਊਨਿਸਟ ਪਾਰਟੀ(ਮਾਰਕਸਵਾਦੀ-ਲੈਨਿਨਵਾਦੀ) ਬਣਨ ਦੇ ਬਾਅਦ ਉਹ ਪੰਜਾਬ ਵਿਚ ਇਸ ਪਾਰਟੀ ਦੇ ਉੱਘੇ ਲੀਡਰ ਦੇ ਤੌਰ ਤੇ ਉਭਰੇ। ਉਹ ਸਾਈਕਲ ਤੇ ਸਵਾਰ ਪਿੰਡ ਪਿੰਡ ਜਾ ਕੇ ਸਟੱਡੀ ਸਰਕਲ ਲਾਉਂਦੇ ਅਤੇ ਲੋਕਾਂ ਨੂੰ ਆਪਣੀ ਮੁਕਤੀ ਲਈ ਲਾਮਬੰਦ ਹੋਣ ਲਈ ਉਭਾਰਦੇ। ਉਨ੍ਹਾਂ ਦੇ ਸਟੱਡੀ ਸਰਕਲ ਬਹੁਤ ਹੀ ਦਿਲਚਸਪ ਅਤੇ ਲੋਕਾਂ ਦੇ ਤਜਰਬੇ ਨਾਲ ਸੁਰਮੇਲ ਹੁੰਦੇ ਸੀ।

ਇੰਦਰਾ ਗਾਂਧੀ ਦੀ ਸਰਕਾਰ ਅਤੇ ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਪਾਰਟੀ ਦੀ ਸਰਕਾਰ ਨੂੰ ਇਸ ਬਜ਼ੁਰਗ ਦੀ ਇਹ ਹਿੰਮਤ ਅਤੇ ਜੁਰਅਤ ਤੋਂ ਖ਼ੌਫ਼ ਆਉਂਦਾ ਸੀ। ਕਿਉਂਕਿ ਬਾਬਾ ਜੀ ਇਨਕਲਾਬ ਲਈ ਨਵੇਂ ਸਿਪਾਹੀ ਤਿਆਰ ਕਰ ਰਹੇ ਸੀ।

ਜੁਲਾਈ 27, 1970 ਨੂੰ ਪੁਲਿਸ ਨੇ ਉਨ੍ਹਾਂ ਨੂੰ ਫਿਲੌਰ ਲਾਗਲੇ ਪਿੰਡ ਨਗਰ ਚੋਂ ਹਿਰਾਸਤ ਵਿਚ ਲੈ ਕੇ ਫਿਲੌਰ ਕਿਲ੍ਹੇ ਵਿਚ ਤਸੀਹੇ ਦੇ ਕੇ ਇਕ ਝੂਠੇ ਪੁਲੀਸ ਮੁਕਾਬਲੇ ਵਿਚ 82 ਸਾਲ ਦੀ ਉਮਰ ਵਿਚ ਕਤਲ ਕਰ ਦਿੱਤਾ। ਪੂਰੇ ਪੰਜਾਬ ਅਤੇ ਹਿੰਦੁਸਤਾਨ ਵਿਚ ਬਾਬਾ ਜੀ ਦੇ ਕਤਲ ਦੇ ਵਿਰੋਧ ਵਿਚ ਬਹੁਤ ਰੋਹ ਵਾਲੇ ਮੁਜ਼ਾਹਰੇ ਅਤੇ ਜਲੂਸ ਕੱਢੇ ਗਏ। ਜਸਟਿਸ ਤਾਰਕੁੰਡੇ ਨੇ ਇਸ ਫ਼ਰਜ਼ੀ ਮੁਕਾਬਲੇ ਦੀ ਤਫ਼ਤੀਸ਼ ਕਰਕੇ ਇੰਦਰਾ ਗਾਂਧੀ ਅਤੇ ਬਾਦਲ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿਤਾ ਸੀ। ਪਰ ਇਨ੍ਹਾਂ ਸਰਕਾਰਾਂ ਨੇ ਕਿਸੇ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਦਿੱਤੀ ਕਿਉਂਕਿ ਇਹ ਸਭ ਇਨ੍ਹਾਂ ਦੀ ਮਰਜ਼ੀ ਨਾਲ ਹੀ ਕੀਤਾ ਗਿਆ ਸੀ।

ਲੱਖਾਂ ਹੀ ਲੋਕਾਂ ਨਾਲ ਪੰਜਾਬੀ ਦੇ ਮਸ਼ਹੂਰ ਸ਼ਾਇਰ ਲਾਲ ਸਿੰਘ ਦਿਲ, ਪਾਸ਼ ਅਤੇ ਸ਼ਿਵ ਕੁਮਾਰ ਬਟਾਲਵੀ ਨੇ ਵੀ ਬਾਬਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਬਾਬਾ ਜੀ ਦੀ ਬਰਸੀ ਤੇ ਹਰ ਸਾਲ ਉਨ੍ਹਾਂ ਦੀ ਯਾਦਗਾਰ ਵਿਚ ਲੋਕ ਇਕੱਠ ਕਰਕੇ ਉਨ੍ਹਾਂ ਦੀ ਜ਼ਿੰਦਗੀ ਤੋਂ ਸਬਕ ਲੈਂਦੇ ਹਨ। ਬਾਬਾ ਜੀ ਦਾ ਕੰਮ ਅਤੇ ਜ਼ਿੰਦਗੀ ਹੱਕਾਂ ਲਈ ਲੜ ਰਹੇ ਸਾਰੇ ਹੀ ਲੋਕਾਂ ਦੀ ਹੌਸਲਾ ਅਫਜ਼ਾਈ ਕਰਦੇ ਰਹਿਣਗੇ।

Back to top      Back to Home Page